ਕੈਨੇਡਾ ਦੇ ਆਫਰ ਲੈਟਰਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਦਾ ਦੋਸ਼ੀ ਬ੍ਰਿਜੇਸ਼ ਮਿਸ਼ਰਾ ਭਾਰਤ ਵਿਚ ਗਿਰਫ਼ਤਾਰ

By  Ragini Joshi June 28th 2025 12:11 PM

ਇਮੀਗ੍ਰੇਸ਼ਨ ਕਨਸਲਟੈਂਟ ਬ੍ਰਿਜੇਸ਼ ਮਿਸ਼ਰਾ, ਜਿਸ ਉੱਤੇ ਕੈਨੇਡਾ ਦੀਆਂ ਕਾਲਜਾਂ ਦੇ ਨਕਲੀ ਦਾਖਲਾ ਪੱਤਰ ਦੇ ਕੇ ਪੰਜਾਬੀ ਵਿਦਿਆਰਥੀਆਂ ਨੂੰ ਠੱਗਣ ਦਾ ਦੋਸ਼ ਲੱਗਿਆ ਸੀ, ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਮਿਸ਼ਰਾ ਉੱਤੇ ਦੋ ਸਾਲ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਸੀ, ਜਦੋਂ ਉਸ ਨੇ ਭਾਰਤ ਵਿੱਚ ਕਈ ਵਿਦਿਆਰਥੀਆਂ ਨੂੰ ਕੈਨੇਡੀਅਨ ਕਾਲਜਾਂ ਦੇ ਨਕਲੀ ਆਫਰ ਲੈਟਰ ਦੇ ਦਿੱਤੇ ਸਨ ਅਤੇ ਫਿਰ ਖੁਦ 2022 ਵਿੱਚ ਕੈਨੇਡਾ ਭੱਜ ਗਿਆ ਸੀ। ਮਿਸ਼ਰਾ ਮੰਗਲਵਾਰ ਨੂੰ ਕੈਨੇਡਾ ਤੋਂ ਵਾਪਸ ਆਇਆ ਸੀ, ਜਿਸ ’ਤੇ ਦਿੱਲੀ ਦੇ IGI ਏਅਰਪੋਰਟ ‘ਤੇ ਲੁੱਕਆਉਟ ਸਰਕੂਲਰ ਦੇ ਆਧਾਰ ’ਤੇ ਉਸ ਨੂੰ ਡਿਟੇਨ ਕੀਤਾ ਗਿਆ ਤੇ ਫਿਰ ਜਲੰਧਰ ਪੁਲਿਸ ਉਸ ਨੂੰ ਉਥੋਂ ਲੈ ਆਈ।

ਮਿਲੀ ਜਾਣਕਾਰੀ ਮੁਤਾਬਕ, ਮਿਸ਼ਰਾ ਖ਼ਿਲਾਫ਼ ਜਲੰਧਰ ਵਿੱਚ ਧੋਖਾਧੜੀ ਦੇ 8 ਕੇਸ ਦਰਜ ਹਨ। ਉਸ ਨੇ ਲਗਭਗ 700 ਵਿਦਿਆਰਥੀਆਂ ਨੂੰ ਕੈਨੇਡਾ ਦੀਆਂ ਕਾਲਜਾਂ ਵਿੱਚ ਦਾਖਲੇ ਲਈ ਨਕਲੀ ਦਸਤਾਵੇਜ਼ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕੀਤੀ। 14 ਅਕਤੂਬਰ 2022 ਨੂੰ ਉਹ ਕੈਨੇਡਾ ਭੱਜ ਗਿਆ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਅਤੇ ਪਰਿਵਾਰਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਦਸਤਾਵੇਜ਼ ਜਾਲੀ ਹਨ। ਬੁੱਧਵਾਰ ਨੂੰ ਅਦਾਲਤ ਨੇ ਉਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।


ਕੈਨੇਡਾ ਵਿੱਚ ਵੀ ਜੂਨ 2023 ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਉਸ ਨੂੰ ਬਿਨਾਂ ਲਾਇਸੈਂਸ ਇਮੀਗ੍ਰੇਸ਼ਨ ਸਲਾਹ ਦੇਣ ਅਤੇ ਝੂਠੀ ਜਾਣਕਾਰੀ ਦੇ ਕੇ ਜਾਂ ਲੁਕਾ ਕੇ ਕੰਮ ਕਰਨ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਘੋਟਾਲੇ ਕਰਕੇ ਸੈਂਕੜੇ ਵਿਦਿਆਰਥੀਆਂ, ਜ਼ਿਆਦਾਤਰ ਪੰਜਾਬ ਤੋਂ, ਡਿਪੋਰਟ ਹੋਣ ਦੇ ਖਤਰੇ 'ਚ ਆ ਗਏ ਸਨ। ਵਿਦਿਆਰਥੀਆਂ ਨੇ ਲਗਾਤਾਰ ਦੋ ਹਫ਼ਤੇ ਤੱਕ ਕੈਨੇਡਾ ਵਿੱਚ ਪ੍ਰਦਰਸ਼ਨ ਕੀਤੇ ਸਨ ਜਿਸ ਤੋਂ ਬਾਅਦ ਕੈਨੇਡੀਅਨ ਸਰਕਾਰ ਨੇ ਡਿਪੋਰਟੇਸ਼ਨ 'ਤੇ ਰੋਕ ਲਾਈ ਸੀ।

Related Post