ਬੀਸੀ ਦੀ ਇੱਕ ਅਦਾਲਤ ਨੇ 26 ਸਾਲਾ ਯੂਸੁਫ਼ ਕਾਂਟੋਸ ਨੂੰ ਸਰੀ ਵਿੱਚ ਹੋਈ ਜਾਨਲੇਵਾ ਗੋਲੀਬਾਰੀ ‘ਚ ਦੋਸ਼ੀ ਕਰਾਰ ਦਿੰਦਿਆਂ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਸਾਢੇ ਤਿੰਨ ਸਾਲ ਪਹਿਲਾਂ 8 ਫ਼ਰਵਰੀ, 2022 ਨੂੰ ਜਦ ਪੁਲਿਸ 168 ਸਟਰੀਟ ਅਤੇ 104 ਐਵਨਿਊ ਦੇ ਇਲਾਕੇ ‘ਚ ਪਹੁੰਚੀ ਤਾਂ ਇੱਕ ਕਾਰ ਅੰਦਰੋਂ ਦੋ ਜਣੇ ਗੋਲੀ ਲੱਗਣ ਕਾਰਨ ਜ਼ਖ਼ਮੀ ਮਿਲੇ ਸਨ।
24 ਸਾਲਾ ਜੁਵਰਾਜ ਜਬਲ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਦਮ ਤੋੜ ਗਿਆ, ਜਦਕਿ 20 ਸਾਲਾ ਜੈਸਮਿਨ ਲਿੰਡਸਟ੍ਰੋਮ ਦੇ ਵੀ ਗੋਲੀ ਲੱਗੀ ਪਰ ਉਹ ਬਚ ਗਈ।
ਯੂਸੁਫ਼ ਕਾਂਟੋਸ ਨੂੰ ਪਿਛਲੇ ਸਾਲ ਜਨਵਰੀ ‘ਚ ਰਿਚਮੰਡ ਹਿੱਲ, ਓਂਟਾਰੀਓ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪਿਛਲੇ ਮਹੀਨੇ ਉਸਨੂੰ ਬੀ.ਸੀ. ਸੁਪਰੀਮ ਕੋਰਟ ਨੇ ਮੈਨਸਲਾਟਰ (ਜਾਣਬੁੱਝ ਕੇ ਨਾ ਕੀਤਾ ਗਿਆ ਕਤਲ) ਦੇ ਦੋਸ਼ ‘ਚ ਦੋਸ਼ੀ ਕਰਾਰ ਦਿੱਤਾ।
ਅਦਾਲਤ 'ਚ ਦਰਜ ਕੀਤੇ ਬਿਆਨ ਅਨੁਸਾਰ, ਕਾਂਟੋਸ ਨੇ ਦੱਸਿਆ ਕਿ ਉਸ ਵੇਲੇ ਉਹ ਦੋਹਾਂ ਪੀੜਤਾਂ ਦਾ ਦੋਸਤ ਸੀ ਅਤੇ ਗੋਲੀਬਾਰੀ ਵਾਲੀ ਰਾਤ ਉਨ੍ਹਾਂ ਨਾਲ ਨਸ਼ਾ ਕਰ ਰਿਹਾ ਸੀ।
ਚਾਰ ਸਫ਼ਿਆਂ ਦੇ ਇੁਕਬਾਲੀਆ ਬਿਆਨ ਵਿੱਚ ਕਾਂਟੋਸ ਨੇ ਜੁਵਰਾਜ ਜਬਲ ਨੂੰ ਮਾਰਨ ਤੇ ਜੈਸਮਿਨ ਲਿੰਡਸਟ੍ਰੋਮ ਨੂੰ ਜ਼ਖਮੀ ਕਰਨ ਦਾ ਕੋਈ ਮਕਸਦ ਨਹੀਂ ਦੱਸਿਆ।
ਜਬਲ ਦਾ ਸੰਬੰਧ ਬ੍ਰਦਰਜ਼ ਕੀਪਰਜ਼ ਗੈਂਗ ਨਾਲ ਸੀ।
ਕਾਂਟੋਸ ਨੂੰ ਮੈਨਸਲਾਟਰ ਲਈ 12 ਸਾਲ ਅਤੇ ਹਮਲੇ ਦੇ ਦੋਸ਼ ਲਈ 8 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।