ਐਡਮਿੰਟਨ : 34 ਸਾਲਾਂ ਦੀ ਭਾਰਤੀ ਮੂਲ ਦੀ ਲੜਕੀ ਸ਼ਾਲੂ ਦੀ ਬੇਰਹਿਮੀ ਨਾਲ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਉਸਦੇ ਪਤੀ ਅਤੇ ਜੇਠ ਨੂੰ ਪਹਿਲੇ ਦਰਜੇ ਦੇ ਕਤਲ ਦੇ ਚਾਰਜਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਐਤਵਾਰ 21 ਸਤੰਬਰ ਸਵੇਰੇ ਲਗਭਗ 6:30 ਵਜੇ ਪੁਲਿਸ ਨੂੰ ਉੱਤਰ-ਪੱਛਮੀ ਐਡਮਿੰਟਨ ਦੇ ਕੋਨੈਸਟੋਗਾ ਸਟ੍ਰੀਟ ਅਤੇ ਬੋਨਾਵੈਂਚਰ ਐਵੇਨਿਊ ਦੇ ਇਲਾਕੇ ਵਿੱਚ ਇੱਕ ਜ਼ਖ਼ਮੀ ਔਰਤ ਬਾਰੇ ਸੂਚਨਾ ਮਿਲੀ। ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਉਸਦੀ ਮੌਤ ਹੋ ਚੁੱਕੀ ਸੀ। ਪੋਸਟਮਾਰਟਮ ਵਿੱਚ ਪੁਸ਼ਟੀ ਹੋਈ ਕਿ ਉਸ ਦੀ ਮੌਤ ਚਾਕੂ ਦੇ ਡੂੰਘੇ ਜ਼ਖ਼ਮਾਂ ਕਾਰਨ ਹੋਈ ਹੈ ਅਤੇ ਇਹ ਇੱਕ ਕਤਲ ਦਾ ਮਾਮਲਾ ਹੈ। ਇਸ ਮਾਮਲੇ ਵਿੱਚ ਔਰਤ ਦਾ ਪਤੀ ਅਤੇ ਜੇਠ ਗ੍ਰਿਫ਼ਤਾਰ ਕੀਤੇ ਗਏ ਹਨ।
ਦੋਸ਼ੀਆਂ ਵਿੱਚ 39 ਸਾਲਾ ਰੋਸ਼ਨ ਲਾਲ ਅਤੇ 41 ਸਾਲਾ ਬਾਲ ਕਿਸ਼ਨ ਸ਼ਾਮਲ ਹਨ। ਇਹ ਮਾਮਲਾ ਪਰਿਵਾਰਕ ਹਿੰਸਾ ਦਾ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਅੱਗੇ ਆਉਣ।
ਮਿ੍ਰਤਕ ਔਰਤ ਦਾ ਅੰਤਮ ਸੰਸਕਾਰ ਸ਼ੁਕਰਵਾਰ ਬਰੈਂਪਟਨ ਵਿਖੇ ਕੀਤਾ ਗਿਆ।