ਵ੍ਹਾਈਟਹੌਰਸ (ਯੂਕੋਨ) – ਟਰੱਕਿੰਗ ਕਮਿਊਨਿਟੀ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਟਰੱਕ ਡਰਾਈਵਰ ਰਾਹੁਲ ਸੈਣੀ ਦੀ ਲੰਬੇ ਰੂਟ ‘ਤੇ ਸਫ਼ਰ ਦੌਰਾਨ ਦਿਲ ਦੇ ਦੌਰੇ ਨਾਲ ਮੌਤ ਹੋ ਗਈ।
ਰਾਹੁਲ ਸੈਣੀ, ਜੋ ਮੁੱਢਲੇ ਤੌਰ ‘ਤੇ ਭਾਰਤ ਤੋਂ ਸੀ, ਪਿਛਲੇ 5 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਪਿਛਲੇ ਹਫ਼ਤੇ ਉਹ ਐਡਮੰਟਨ ਤੋਂ ਅਲਾਸਕਾ ਲਈ ਸਮਾਨ ਲੈ ਕੇ ਨਿਕਲਿਆ ਸੀ ਅਤੇ ਯੂਕਨ ਦੇ ਵ੍ਹਾਈਟਹੌਰਸ ‘ਚ ਇਕ ਗੈਸ ਸਟੇਸ਼ਨ ਦੇ ਬਾਥਰੂਮ ਵਿਚ ਉਸਦੀ ਲਾਸ਼ ਮਿਲੀ। ਡਾਕਟਰਾਂ ਵੱਲੋਂ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ।
30 ਸਾਲਾ ਰਾਹੁਲ ਨੇ ਸਿਰਫ਼ ਇੱਕ ਸਾਲ ਪਹਿਲਾਂ ਹੀ ਭਾਰਤ ਵਿੱਚ ਵਿਆਹ ਕੀਤਾ ਸੀ। ਉਸਦੀ ਪਤਨੀ ਐਡਮੰਟਨ ਵਿਚ ਰਹਿੰਦੀ ਹੈ ਅਤੇ ਇਸ ਵੇਲੇ 5 ਮਹੀਨੇ ਦੀ ਗਰਭਵਤੀ ਹੈ। ਪਰਿਵਾਰ ਅਤੇ ਦੋਸਤਾਂ ਨੇ ਉਸਨੂੰ ਇਕ ਮਿਹਨਤੀ ਤੇ ਪਰਿਵਾਰ-ਪ੍ਰੇਮੀ ਵਿਅਕਤੀ ਵਜੋਂ ਯਾਦ ਕੀਤਾ।
ਭਾਈਚਾਰੇ ਵੱਲੋਂ ਉਸਦੀ ਮ੍ਰਿਤਕ ਦੇਹ ਭਾਰਤ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।