ਕੈਨੇਡਾ : ਧਾਰਮਿਕ ਰੱਥ ਯਾਤਰਾ ਦੌਰਾਨ ਸ਼ਰਧਾਲੂਆਂ 'ਤੇ ਸੁੱਟੇ ਗਏ ਆਂਡੇ, ਭਾਰਤ ਸਰਕਾਰ ਨੇ ਜਤਾਇਆ ਸਖ਼ਤ ਇਤਰਾਜ਼
ਟੋਰਾਂਟੋ: ਸ਼ਹਿਰ ਵਿੱਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਕਈ ਅਣਪਛਾਤੇ ਲੋਕਾਂ ਵੱਲੋਂ ਯਾਤਰਾ 'ਚ ਸ਼ਾਮਲ ਸ਼ਰਧਾਲੂਆਂ 'ਤੇ ਆਂਡੇ ਸੁੱਟੇ ਜਾਣ ਲੱਗੇ। ਭਾਰਤ ਸਰਕਾਰ ਨੇ ਇਸ 'ਤੇ ਕੈਨੇਡਾ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਸਨੂੰ 'ਘਿਣਾਉਣਾ ਅਤੇ ਨਿੰਦਣਯੋਗ' ਕਾਰਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ, 'ਟੋਰਾਂਟੋ ਵਿੱਚ ਆਯੋਜਿਤ ਰੱਥ ਯਾਤਰਾ ਦੌਰਾਨ, ਕੁਝ ਸ਼ਰਾਰਤੀ ਅਨਸਰਾਂ ਨੇ ਵਿਘਨ ਪਾਇਆ, ਜੋ ਕਿ ਤਿਉਹਾਰ ਦੀ ਭਾਵਨਾ ਦੇ ਵਿਰੁੱਧ ਹੈ। ਅਸੀਂ ਇਸ ਮਾਮਲੇ ਨੂੰ ਕੈਨੇਡੀਅਨ ਅਧਿਕਾਰੀਆਂ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਉਮੀਦ ਕਰਦੇ ਹਾਂ।'
ਨਵੀਨ ਪਟਨਾਇਕ ਨੇ ਘਟਨਾ ਨੂੰ ‘ਬਹੁਤ ਚਿੰਤਾਜਨਕ’ ਦੱਸਿਆ
ਪੂਰਵ ਉਡੀਸਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਇਸ ਮਾਮਲੇ 'ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਭਗਤਾਂ 'ਤੇ ਆਂਡੇ ਸੁੱਟੇ ਜਾਣ ਦੀਆਂ ਖ਼ਬਰਾਂ “ਬਹੁਤ ਹੀ ਚਿੰਤਾਜਨਕ” ਹਨ ਅਤੇ ਇਹ ਭਗਵਾਨ ਜਗਨਾਥ ਦੇ ਭਗਤਾਂ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਾਉਂਦੀਆਂ ਹਨ।
X 'ਤੇ ਇੱਕ ਪੋਸਟ ਵਿਚ ਪਟਨਾਇਕ ਨੇ ਲਿਖਿਆ: “ਇਹੋ ਜਿਹੀਆਂ ਘਟਨਾਵਾਂ ਉਡੀਸਾ ਦੇ ਲੋਕਾਂ ਲਈ ਗਹਿਰਾ ਦਰਦ ਕਾਰਨ ਬਣਦੀਆਂ ਹਨ, ਕਿਉਂਕਿ ਇਹ ਤਿਉਹਾਰ ਉਨ੍ਹਾਂ ਲਈ ਭਾਵਨਾਤਮਕ ਅਤੇ ਸਾਂਸਕ੍ਰਿਤਿਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ। ਜੇ ਇਹ ਰਿਪੋਰਟਾਂ ਸੱਚੀਆਂ ਹਨ ਤਾਂ ਉਡੀਸਾ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨਾਲ ਮਿਲ ਕੇ ਇਸ ਦੀ ਸਰਕਾਰੀ ਤੌਰ 'ਤੇ ਵਿਰੋਧਤਾ ਕਰਨੀ ਚਾਹੀਦੀ ਹੈ।”