21 ਅਗਸਤ, 2025 ਨੂੰ ਸਵੇਰੇ ਲਗਭਗ 8:50 ਵਜੇ, ਪੀਲ ਰੀਜਨਲ ਪੁਲੀਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 'ਤੇ ਨਵਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਸਿੰਘ ਇਥੋਪੀਅਨ ਏਅਰਲਾਈਨਜ਼ ਦੀ ਉਡਾਣ ਰਾਹੀਂ ਕੈਨੇਡਾ ਪਹੁੰਚਿਆ ਸੀ, ਉਸਦੀ ਗ੍ਰਿਫ਼ਤਾਰੀ ਲਈ ਪਿਛਲੇ 9 ਮਹੀਨਿਆਂ ਤੋਂ ਕੈਨੇਡਾ-ਪੱਧਰੀ ਵਾਰੰਟ ਜਾਰੀ ਸੀ। 15 ਨਵੰਬਰ, 2024 ਨੂੰ, ਪੂਰਬ ਵੱਲ ਜਾਂਦੇ ਇਕ ਸੈਮੀ-ਟ੍ਰੇਲਰ ਵੱਲੋਂ ਚੌਰਾਹੇ 'ਤੇ ਨਾ ਰੁਕਣ ਕਰਕੇ ਦੱਖਣ ਵੱਲ ਆ ਰਹੀ SUV ਨਾਲ ਟੱਕਰ ਹੋ ਗਈ ਸੀ, ਜਿਸ ਵਿੱਚ ਇੱਕ 35 ਸਾਲ ਦੀ ਔਰਤ ਦੀ ਮੌਤ ਹੋ ਗਈ ਸੀ ਅਤੇ ਉਸਦੀ 8 ਸਾਲ ਦੀ ਧੀ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ ਸੀ।
20 ਨਵੰਬਰ, 2024 ਨੂੰ, ਆਰ.ਸੀ.ਐਮ.ਪੀ. ਨੇ ਬ੍ਰੈਂਪਟਨ, ਓਨਟਾਰੀਓ ਦੇ 25 ਸਾਲਾ ਨਵਜੀਤ ਸਿੰਘ 'ਤੇ ਖ਼ਤਰਨਾਕ ਢੰਗ ਨਾਲ ਵਾਹਨ ਚਲਾਉਣ ਕਾਰਨ ਮੌਤ (2) ਅਤੇ ਸ਼ਾਂਤੀ ਅਧਿਕਾਰੀ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦੇ ਇਲਜ਼ਾਮ ਲਗਾਏ ਅਤੇ ਕੈਨੇਡਾ-ਪੱਧਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।
ਸਿੰਘ ਨੂੰ ਆਉਣ ਵਾਲੇ ਦਿਨਾਂ ਵਿੱਚ RCMP ਵੱਲੋਂ ਵਾਪਸ ਮੈਨਿਟੋਬਾ ਲਿਆਂਦਾ ਜਾਵੇਗਾ ਅਤੇ ਉਸਨੂੰ ਹਿਰਾਸਤ ਵਿੱਚ ਰੱਖਿਆ ਜਾਵੇਗਾ।
“ਇਹ ਜਾਂਚ ਇਕ ਸਾਂਝੀ ਕੋਸ਼ਿਸ਼ ਸੀ ਅਤੇ ਕਈ ਪੁਲੀਸਿੰਗ ਏਜੰਸੀਆਂ ਦੀ ਸਖ਼ਤ ਮਿਹਨਤ ਤੋਂ ਬਿਨਾਂ ਸੰਭਵ ਨਹੀਂ ਸੀ,” ਪੈਂਬਿਨਾ ਵੈਲੀ RCMP ਦੇ ਕਾਰਪੋਰਲ ਜੇਮੀ ਸੋਕੋਲੋਸਕੀ ਨੇ ਕਿਹਾ। “CBSA ਤੋਂ ਲੈ ਕੇ ਪੀਲ ਰੀਜਨਲ ਪੁਲੀਸ ਅਤੇ ਮੈਨਿਟੋਬਾ ਮੋਟਰ ਕੈਰੀਅਰ ਐਨਫੋਰਸਮੈਂਟ ਤੱਕ – ਉਨ੍ਹਾਂ ਦੀ ਸਹਾਇਤਾ ਬਹੁਤ ਹੀ ਮਹੱਤਵਪੂਰਨ ਸੀ। ਪਰਿਵਾਰ ਲਈ ਇਹ ਬਹੁਤ ਮੁਸ਼ਕਲ ਸਮਾਂ ਹੈ। ਅਸੀਂ ਹਰ ਇਕ ਦਾ ਧੰਨਵਾਦ ਕਰਦੇ ਹਾਂ ਜਿਸਨੇ ਆਪਣੀਆਂ ਚਿੰਤਾਵਾਂ ਅਤੇ ਟਿੱਪਣੀਆਂ ਸਾਂਝੀਆਂ ਕੀਤੀਆਂ – ਅਸੀਂ ਸਾਰੇ ਇਕੱਠੇ ਹੋਏ ਤਾਂ ਜੋ ਇਹ ਗ੍ਰਿਫ਼ਤਾਰੀ ਸਫ਼ਲ ਹੋ ਸਕੀ।”
ਜਾਂਚ ਜਾਰੀ ਹੈ।